— ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵੱਲੋ ਜਿਲਾ ਨਵਾਂ ਸ਼ਹਿਰ ਅਧੀਨ ਆਉਂਦੇ ਬਲਾਕ ਬੰਗਾ ਵਿੱਚ ਜਿਲ੍ਹਾ ਟਾਸਕ ਫੋਰਸ ਵੱਲੋਂ ਬੱਸ ਸਟੈਂਡ ਰੋਡ, ਗੜ ਸ਼ੰਕਰ ਰੋਡ ਅਤੇ ਬੰਗਾ ਤੋਂ ਨਵਾਸ਼ਹਿਰ ਰੋਡ ਤੇ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਖਿਲਾਫ ਚੈਕਿੰਗ ਕੀਤੀ ਗਈ ਅਤੇ ਟੀਮ ਵੱਲੋਂ ਚੈਕਿੰਗ ਦੌਰਾਨ 18 ਸਾਲ ਤੋਂ ਘੱਟ ਉਮਰ ਦੇ ਇੱਕ ਬੱਚੇ ਨੂੰ ਬਾਲ ਭਿੱਖਿਆ ਤੋਂ ਮੁਕਤ ਕਰਵਾਇਆ ਗਿਆ । ਜਿਲਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਵੱਲੋਂ ਬੱਚੇ ਨੂੰ ਰੈਸਕਿਊ ਕਰਨ ਉਪਰੰਤ ਬਾਲ ਭਲਾਈ ਕਮੇਟੀ ਵਿਖੇ ਪੇਸ਼ ਕੀਤਾ ਗਿਆ ਹੈ ਤਾਂ ਜੋ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਬਾਲ ਭਲਾਈ ਕਮੇਟੀ ਵੱਲੋਂ ਬੱਚੇ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਜੂਦਾ ਤੌਰ ਤੇ ਬੱਚੇ ਨੂੰ ਸਖੀ ਵਨ ਸਟੋਪ ਸੈਂਟਰ ਵਿਖੇ ਸ਼ੈਲਟਰ ਪ੍ਰਦਾਨ ਕੀਤਾ ਗਿਆ ਹੈ ਇਸ ਉਪਰੰਤ ਬੱਚੇ ਦੇ ਮਾਤਾ ਪਿਤਾ ਦੀ ਭਾਲ ਕੀਤੀ ਜਾਵੇਗੀ ਅਤੇ ਬੱਚੇ ਦੇ ਦਸਤਾਵੇਜ ਵੈਰੀਫਾਈ ਕਰਨ ਉਪਰੰਤ ਉਸ ਦੀ ਸੁਰੱਖਿਆ ਨੂੰ ਯਕੀਨੀਂ ਬਣਾਉਣ ਸਬੰਧੀ ਕਾਰਵਾਈ ਕੀਤੀ ਜਾਵੇਗੀ । ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਚੇ ਦੀ ਉਮਰ ਅਨੁਸਾਰ ਉਸਨੂੰ ਸਕੂਲ ਵਿਚ ਦਾਖਲ ਕਰਵਾਇਆ ਜਾਵੇਗਾ। ਇਸ ਮੌਕੇ ਮੌਜੂਦ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਜਗਰੂਪ ਸਿੰਘ ਵੱਲੋਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਣਾ ਅਤੇ ਭੀਖ ਮੰਗਵਾਉਣਾ ਕਾਨੂੰਨੀ ਤੌਰ ਤੇ ਅਪਰਾਧ ਹੈ । ਬਾਲ ਮਜਦੂਰੀ ਨੂੰ ਜੜ ਤੋਂ ਖਤਮ ਕਰਨ ਲਈ ਉਹਨਾਂ ਨੂੰ ਕੰਮ ਤੇ ਰੱਖਣ ਦੀ ਬਜਾਏ ਬੱਚਿਆਂ ਅਤੇ ਉਹਨਾਂ ਦੇ ਮਾਂ ਪਿਓ ਦੀ ਕਾਉਂਸਲਿੰਗ ਕੀਤੀ ਜਾਣੀ ਬਣਦੀ ਹੈ ਤਾਂ ਜੋ ਬੱਚਿਆਂ ਦੇ ਮਾਂ ਪਿਓ ਬੱਚਿਆਂ ਤੋਂ ਕੰਮ ਕਰਵਾਉਣ ਜਾਂ ਬੱਚਿਆਂ ਤੋ ਭੀਖ ਮੰਗਵਾਉਣ ਦੀ ਬਜਾਏ ਉਹਨਾਂ ਨੂੰ ਸਿੱਖਿਆ ਨਾਲ ਜੋੜਨ ਲਈ ਸਕੂਲ ਭੇਜਣ ਅਤੇ ਉਹਨਾਂ ਦੇ ਉੱਜਵਲ ਭਵਿੱਖ ਦੀ ਸਿਰਜਣਾ ਹੋ ਸਕੇ।ਇਸਦੇ ਨਾਲ ਹੀ ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਮਜ਼ਦੂਰੀ ਵਿੱਚ ਲੱਗਿਆ ਦਿਖਾਈ ਦਿੰਦਾ ਹੈ ਜਾਂ ਭੀਖ ਮੰਗਦਾ ਹੋਇਆ ਦਿਖਾਈ ਦਿੰਦਾ ਹੈ ਤਾਂ ਇਸ ਸਬੰਧੀ ਜਾਣਕਾਰੀ ਜਿਲਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 309 ਦੂਜੀ ਮੰਜ਼ਿਲ ਡੀਸੀ ਦਫਤਰ ਜਾਂ ਚਾਇਲਡ ਹੈਲਪਲਾਈਨ ਨੰਬਰ 1098 ਤੇ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ।


